Saturday, 30 April 2011

ਮੈਂ ਸ਼ਬਦਾਂ ਦਾ ਵੰਜਾਰਾ ਹਾਂ  
ਮੈਂ ਸ਼ਬਦਾਂ ਦਾ ਵੰਜਾਰਾ ਹਾਂ  ,
ਮੈਂ ਸ਼ਬਦਾਂ ਦਾ ਵੰਜਾਰਾ ਹਾਂ  
ਸ਼ਬਦ ਮੇਨੂੰ ਮੇਰੇ ਹਾਣੀ ਜਾਪਣ,
ਗਭਰੂਆਂ ਦੀ ਢਾਣੀ ਜਾਪਣ,
ਜਾਪਣ ਜਿਵੇਂ ਊਸ਼ਾ ਦੀ ਲਾਲੀ
ਜਾਪਣ ਇਹ ਮਨ ਦੀ ਹਰਿਆਲੀ
ਸ਼ਬਦ ਮੈਂ ਲਭਦਾ ਸ਼ਬਦ ਮੈਂ ਜੀਵਾਂ ;
ਘੜ ਦਾ ਸ਼ਬਦ ਸ਼ਬਦ ਮੈ ਥੀਂਵਾਂ
ਸ਼ਬਦਾਂ ਦੇ ਪਾ ਲੀੜੇ - ਲੱਤੇ
ਸ਼ਬਦਾਂ ਦੇ ਪਾ ਗਹਿਣੇ ਗੱਟੇ
ਸ਼ਬਦਾਂ ਦੀ ਡੋਲੀ ਵਿੱਚ ਮੈਂ ਤਾਂ
ਸ਼ਬਦਾਂ ਦੀ ਦੁਲ੍ਹਨ ਨੂੰ ਪਾਵਾਂ
-----------*-----------
ਸ਼ਬਦ ਸ਼ਬਦ ਹੈ ਬੜਾ ਨਿਰਾਲਾ
ਮਨ ਮੋਹਕ ਤੇ ਅਤਿ ਉਜਿਆਲਾ
ਚਾਨਣ ਦਾ ਸੋਮਾ ਬਣ ਜਾਂਦੇ
ਕਦੇ ਬਾਪ ਕਦੇ ਮਾਂ ਬਣ ਜਾਂਦੇ
ਕਦੇ ਬਣਣ ਮੇਰੇ ਹਮਜੋਲੀ
ਕਦੀ ਇਹ ਅੰਬ  ਤੋਂ ਬਨਣ  ਨਿਮੋਲੀ
ਸ਼ਬਦਾ ਦੀ ਟਕਸਾਲ ਚੋ ਸਜ ਕੇ
ਬਣਦੀ ਹੈ ਰਚਨਾ ਕੋਈ ਤੱਕ ਕੇ
ਸ਼ਬਦਾਂ ਦੀ ਦੁਲ੍ਹਨ ਦਾ ਡੋਲਾ
ਜਾ ਸ਼ਬਦਾਂ ਦੇ ਬੂਹੇ ਲਾਹਵਾਂ
----------*--------
ਦੀਪ੍ਜੀਰਵੀ
 

Wednesday, 20 April 2011

ਗੁਰਮੀਤ ਸੰਧਾ {gurmeet.sandha@yahoo.com}

ਤੂੰ ਦਰਿਆ ਬੇ-ਪ੍ਰਵਾਹ ਠਾਠਾਂ ਮਾਰਦਾ ,
ਮੈਂ ਪਾ ਨਾ ਸੱਕਾਂ ਥਾਹ ਸ਼ਾਨਾਂ ਮਤਿਆ |
ਤੇਰੀ ਲਹਿਰ ਲਹਿਰ ਠਹਿਰਾਅ ਬਿਰਤੀ ਸਾਧ ਦੀ,
ਕਦੇ ਘੁੰਮਣ- ਘੇਰ ਅਥਾਹ ਤਾਂਡਵ ਨਾਥ ਦਾ |
ਜਦ ਆਵਣ ਛੱਲਾਂ ਧਾਅ ਕੰਢੇ ਤੋੜ ਕੇ,
ਲੈ ਜਾਸਣ ਸੰਗ ਵਹਾ ਛੰਨਾਂ ਝੁੱਗੀਆਂ |
ਇਹ ਧਰਤੀ ਖੁਰ ਖੁਰ ਜਾ ਖੌਰੂ ਵੇਖ ਕੇ ,
ਤੇ ਝੁਕ ਝੁਕ ਦੇਂਦੀ ਰਾਹ ਤੇਰੀ ਮੌਜ ਨੂੰ |
ਜੇ ਕੋਈ ਗਰਮ ਹਵਾ ਚੁੰਮਣ ਲੈ ਗਈ ,
ਝੱਟ ਲੀਤਾ ਰੂਪ ਵਟਾਅ ਹੋਇਓੰ ਮੇਘਲਾ |
ਤੇਰੀ ਨਿਰਮਲ ਨੀਲੀ ਭਾਅ ਡਲ੍ਹਕਾਂ ਮਾਰਦੀ,
ਜਿਓਂ ਅੱਲ੍ਹੜ ਨੇ ਮੁਸਕਾਅ ਸ਼ੀਸ਼ਾ ਵੇਖਿਆ |
ਜੇ ਹੋਵੇਂ ਸ਼ਾਂਤ ਸੁਭਾਅ ਆਇਆ ਮੌਜ ਵਿੱਚ ,
ਤਾਂ ਖੇਡਾਂ ਘੁੰਮਰ ਪਾ ਘੁੰਮਾਂ ਆਰ ਪਾਰ |
ਮਰ ਜਾਸਾਂ ਉਮਰ ਹੰਢਾਅ ਤੇਰੀ ਬੁੱਕ੍ਲੇ,
ਨਾ ਦੋ ਪਲ ਹੋਏ ਹੰਢਾਅ ਤੇਰਾ ਬਿਰਹੜਾ |
ਤੂੰ ਦਰਿਆ ਬੇ-ਪ੍ਰਵਾਹ ਜੀਵਨ ਦਾਤਿਆ ,
ਤੇ ਮੈਂ ਮਛਲੀ ਅਬਲਾ ਤਿਹਾਈ ਵਸਲ ਦੀ |
*******