Saturday, 10 September 2011

ਕੀ ਹਾਲ ਹੋਇਆ ਪੰਜਾਬ ਦਾ

ਬਲਿਹਾਰੀ ਕੁਦਰਤ ਵਸਿਆ, 
ਗਾਓਣ ਵਾਲਾ ਬਾਬਾ 
ਸਭਾ ਸਾਞਾਂ ਤੇ ਦੂਈ ਦਵੈਤ ਤੋ ਉਪਰ,
ਹੁਣ ਜਦ ਚਾਰ ਚੁਰਾਸੀਆਂ ਦਾ 
ਪੈਡਾਂ ਗਾਹ ਕੇ 
ਤੇ 
ਕੋਡੇ ਵਰਗ ਰਾਕਸ਼ਾਂ ਨੂੰ 
ਸਿੱਧੇ ਰਾਹ ਪਾ ਕੇ 
ਵਾਪਸ ਪਰਤੇਗਾ 
ਤਾਂ 
ਓਹ 
ਮੋਰੀਂ ਰੁਣਝੁਣ ਲਾਇਆ 
ਭੈਣੇ ਸਾਵਣ ਆਇਆ ਨਹੀ ਗਾਵੇਗਾ, 
ਉਹਤਾਂ ਕਹੇਗਾ ਮਰਦਾਨਿਆ 
ਸਮੇਂ ਨਾਲ ਸੁਰ ਜੋੜ ਕੇ ਛੇੜ ਕੋਈ ਰਾਗ ਰਬਾਬ ਦਾ,
ਕੀ ਹਾਲ ਹੋਇਆ ਪੰਜਾਬ ਦਾ ਃਰਿਤੁ  ਸ਼ਰਮਾ 

ਅਸੀਂ ਉਹ ਹਾਂ...

ਭਗਤ ਸਿੰਘ...!!
ਅਸੀਂ ਉਹ ਹਾਂ
ਜਿਨ੍ਹਾਂ ਦੇ ਜੰਮਦਿਆਂ ਦੇ ਮੂੰਹ ਨੂੰ ਗੁੜ੍ਹ ਨਹੀਂ...!
ਭੁੱਖ ਲਾਈ ਗਈ ਸੀ...
ਰੋਟੀ , ਗਰੀਬੀ , ਬੇਰੁਜ਼ਗਾਰੀ ਤੇ ਸਾਡੀ ਚੰਗੀ ਕਿਸਮਤ ਦੀ
ਸਾਨੂੰ ਸਦਾ ਹੀ ਭੁੱਖ ਰਹੀ !
ਮੈਨੂੰ ਸੌਂਹ ਹੈ ਭਗਤ ਸਿੰਘ ਤੇਰੇ ਬਸੰਤੀ ਚੋਲ਼ੇ ਦੀ
ਮੈਂ ਤੇਰੇ ਸੁਪਨਿਆਂ ਦਾ ਭਾਰਤ ਸਿਰਜਾਂਗਾ !
ਇਹ ਜੋ ਸਾਡੇ ਸਮਿਆਂ ਦੇ ਸਿਰਤਾਜ ਬਾਦ੍ਸ਼ਾਹ ਨੇ,
ਇਹ, ਇਹ ਨਹੀਂ ਜਾਣਦੇ
ਕਿ ਅਸੀਂ ਆਪਣੇ ਸਮੇਂ ਦੇ ਬੇਤਾਜ ਬਾਦ੍ਸ਼ਾਹ ਹਾਂ !
ਇਹ ਚਾਹੁੰਦੇ ਹਨ
ਇਹਨਾਂ ਦੇ ਬੱਚੇ ਖੇਡਣ
ਆਪਣੇ ਪੁਰਖਿਆਂ ਦੇ ਸਿਵਿਆਂ ਦੀ ਮਿੱਟੀ ਨੂੰ
ਪੈਰ ਤੇ ਥਾਪੜ ਕੇ ਘਰ ਘਰ ਬਣਾਉਣ,
ਅਤੇ ਨਾਲੋ ਨਾਲ ਚਾਹੁੰਦੇ ਹਨ
ਇਹ ਉਸੇ ਘਰ ਵਿੱਚ ਸੌਂ ਜਾਣ ਸਦਾ ਲਈ
ਗਰੀਬੀ ਦੀ ਚਾਦਰ ਓੜ ਕੇ,
ਬਦ੍ਕਿਸਮਤੀ ਦਾ ਸਿਰਾਹਣਾ ਲੈ ਕੇ !
ਪਰ ਭਗਤ ਸਿੰਘ
ਅਸੀਂ ਉਹ ਪਾਂਡਵ ਨਹੀਂ ਹਾਂ
ਜਿਨ੍ਹਾਂ ਚੌਪਟ ਦੀ ਖੇਡ ਤੇ
ਆਪਣੇ ਘਰ ਦੀ ਇੱਜਤ ਦਾਅ ’ਤੇ ਲਾ ਦਿੱਤੀ ਸੀ !
ਅਸੀਂ ਤਾਂ ਹੌਂਸਲਿਆਂ ਦਾ ਹਸਤਨਾਪੁਰ ਹਾਰਿਆ ਹੀ ਨਹੀਂ ,
ਘਰ ਦੀ ਇਜ਼ੱਤ ਤਾ ਦੂਰ ਦੀ ਗੱਲ ਹੈ....!
ਅਸੀਂ ਜੰਮੇ ਹਾਂ....
ਸੌਨ ਮੰਜਿਆਂ ਦੇ ਪਾਵਿਆਂ ਨਾਲ
ਤਾਕਤ ਦੇ ਰਾਵਣ ਬੰਨ ਕੇ
ਭਾਂਵੇ ਕਿ ਰਾਵਣ ਨੇ
ਮੰਜੇ ਦੇ ਪਾਵੇ ਨਾਲ ਕਾਲ ਬੰਨਿਆਂ ਸੀ!
ਅੱਜ ਦੀਆਂ ਸਰ੍ਕਾਰਾਂ ਅੰਗਰੇਜ਼ਾਂ ਵਾਂਗੂੰ,
ਤੇ ਅਸੀਂ ਭਗਤ ਸਿੰਘ ਤੇਰੇ ਵਰਗੇ ਬਣਨਾ ਲੋਚਦੇ ਹਾਂ !
ਅਸੀਂ ਉਹ ਹਾਂ ਭਗਤ ਸਿੰਘ
ਜਿਨ੍ਹਾਂ ਚੜ੍ਹਦੇ ਵਰੇਸ ਦੀ ਅੱਲ੍ਹ੍ੜ ਜਵਾਨੀ ਵਿੱਚ
ਤਕਦੀਰ ਦਾ ’ਮੰਥ” ਕੀਤਾ ,
ਭਾਂਵੇ ਕਿ ਪਤਾ ਹੀ ਸੀ
ਕਿ ਵਿੱਚੋਂ ਨਿਕਲੇਗੀ ਸਿਰਫ਼ ਬੇਰੁਜ਼ਗਾਰੀ !
’ਤੇ ਅਜੇ ਮਾਅਨੇ ਪੁਛ੍ੱਦੇ ਓ ਕਿ
ਅਸੀਂ ਧੁਰ ਅੰਦਰ ਤੀਕ ਜ਼ਹਿਰੀਲੇ ਕਿਉਂ ਹਾਂ
ਅਸੀਂ ਪੀ ਲਿਆ ਜ਼ਹਿਰ
ਬਦਨਸੀਬੀਆਂ ਤੇ ਬਦਕਿਸਮਤੀਆਂ ਦਾ ,
ਪਰ ਹਾਰੇ ਨਹੀਂ ...
ਅੱਜ ਵੀ ਸੋਚਾ ਦੇ ਅੰਮ੍ਰਿਤ ਸਾਗਰ ’ਚ
ਤਾਰੀਆਂ ਲਾਉਣੋ ਨਹੀਂ ਹਟਦੇ !
ਅਸੀਂ ਮੰਨੀ ਬੈਠੇ ਹਾਂ ਕਿ ਐਥੇ ਹਰ ਬੇਰੁਜ਼ਗਾਰ
ਅਲੀ ਬਾਬਾ ਵਰਗਾ ਹੈ
ਤੇ ਇਹ ਮੌਕਾਪ੍ਰਸਤ ਸਰ੍ਕਾਰਾਂ
ਚਾਲ਼ੀ ਚੌਰਾਂ ਦਾ ਗਿਰੋਹ....!
ਜੋ ਲੁੱਟੀ ਬੈਠੀਆਂ ਨੇ ਖਜ਼ਾਨੇ ਡਿਗਰੀਆਂ ਦੇ,
ਪਰ ਸਰ੍ਕਾਰਾਂ ਨੂ ਇੱਕ ਗੱਲ ਚੇਤੇ ਨਹੀਂ ਕਿ
ਕਦੇ ਕਦੇ ਹੱਕ ਖੋਹ ਵੀ ਲਏ ਜਾਂਦੇ ਨੇ
ਅਲੀ ਬਾਬੇ ਵਾਂਗੂੰ ....!
ਅੱਜ ਸਾਡੇ ਲੇਖਾਂ ਦੀ ਉਂਗਲੀ ਵਿੱਚ
ਉਮੀਦਾ ਦਾ ਸੁਦਰ੍ਸ਼ਨ ਘੁੰਮ ਰਿਹਾ ਹੈ
ਜੋ ਸਾਨੂੰ ਹਮੇਸ਼ਾ ਇਕ ਲੱਤ ਤੇ ਖੜ੍ਹੇ ਰੱਖਦਾ ਹੈ
ਤੇ ਜੇ ਅਸੀਂ ਜਿਉਂਦੇ ਰਹੇ ਤਾਂ ਇਹ ਦੱਸ ਕੇ ਮਰਾਂਗੇ
ਕਿ ਅਸੀਂ ਜੰਮੇ ਸੀ.....!

ਮੈਨੂੰ ਸੌਂਹ ਹੈ ਭਗਤ ਸਿੰਘ ਤੇਰੇ ਬਸੰਤੀ ਚੋਲ਼ੇ ਦੀ !
.......ਮਨ੍ਪ੍ਰੀਤ ਗੋਸਲ

ਬਿਰਖ,ਕਲਮਾਂ ਤੇ ਕੁਰਸੀਆਂ(ਦੀਪ ਜ਼ੀਰਵੀ)



ਦੁਨੀਆਂ ਦੇ ਵਿੱਚ ਤਿੰਨ ਧੜੇ ਨੇ :
ਬਿਰਖ,
ਕਲਮਾਂ ਤੇ
ਕੁਰਸੀਆਂ,
ਇੱਕ ਦੂਜੇ ਦੇ ਆਸਰੇ ਖੜੇ ਨੇ 
ਬਿਰਖ,
ਕਲਮਾਂ ਤੇ ਕੁਰਸੀਆਂ,
ਇੱਕ ਦੂਜੇ ਦੇ ਅੰਦਰ ਵੜੇ ਨੇ
ਬਿਰਖ,ਕਲਮਾਂ ਤੇ ਕੁਰਸੀਆਂ
ਇੱਕ ਨੇ ਤਾਂ ਵੀ  ਜੁਦਾ ਖੜ੍ਹੇ ਨੇ
ਬਿਰਖ,ਕਲਮਾਂ ਤੇ ਕੁਰਸੀਆਂ ।
ਬਿਰਖ ਧਰਮ ਨਿਭਾਂਓਂਦੇ:
ਡਾਕੂ ਹੋਵੇ ਕਿ ਸਾਧੂ,
ਜੋ ਵੀ ਛਾਂਵੇਂ ਆ ਜਾਵੇ
ਓਸੇ ਤਾਈਂ ਠੰਡਕ ਪਹੁੰਚਾਂਓਂਦੇ।
ਕਈ ਬਿਰਖ ਕਲਮਾਂ ਤੋ ਬਣਦੇ
ਕਈ ਬਿਰਖਾਂ ਤੋਂ ਬਣਦੀਆਂ ਕਲਮਾਂ,
ਕਈ ਬਿਰਖਾਂ ਤੋਂ ਬਣੀਆਂ ਕਲਮਾਂ 
ਮੁੜ੍ਹ
ਅੱਗੇ ਜਾ ਬਿਰਖ ਬਣਦੀਆਂ,
ਬਿਰਖਾਂ ਦੀ ਠੰਡਕ ਨਾ ਵਿਸਾਰਦੀਆਂ,
ਬਿਰਖਾਂ ਖਾਤਿਰ
ਲੜਦੀਆਂ
ਮਰਦੀਆਂ
ਨਾ ਡਰਦੀਆਂ।
ਸਭ ਬਿਰਖਾਂ ਦੀ ਲੋਚਾ ਹੁੰਦੀ:
ਕਲਮਾਂ ਬਣੀਏਂ,
ਤਖਤੀ ਬਣੀਏਂ ,
ਤਖਤ ਨਾ ਬਣੀਏਂ ,
ਤਖਤਾ ਨਾ ਬਣੀਏ।ਂ
ਸਭ ਬਿਰਖਾਂ ਦੀ ਮਨਸ਼ਾ ਹੁਮਦਿ
ਬੂਹੇ ਬਣੀਏਂ ,
ਬਣੀਏਂ ਥਿੰਦੀਆਂ ਦਹਿਲੀਜਾਂ
ਪਰ ਫਾਹੀ ਨਾ ਬਣੀਏਂ।
ਡੋਲੀ ਬਣੀਏਂ,
ਪੰਘੂੜਾ ਬਣੀਏਂ
ਪਰ
ਸਿੜ੍ਹੀ ਨਾ ਬਣੀਏਂ,
ਮੜ੍ਹੀ ਨਾ ਬਣੀਏਂ।
ਹੋਣੀ
ਕਿਸਮਤ
ਕੁਝ ਵੀ ਆਖੀਏ,
ਜਦ ਬਿਰਖਾਂ ਚੋਂ
ਕੁਰਸੀਆਂ ਅੱਜ ਕਲ
ਜਨਮ ਲੈਂਦੀਆਂ:
ਤਖਤਾਂ
ਤਖਤਿਆਂ

ਫਾਹੀਆਂ
ਸਿੜ੍ਹੀਆਂ
ਮੜ੍ਹੀਆਂ
ਦੀ
ਲੁੱਢੀ ਪੈਂਦੀ

ਦੀਪ ਜੀਰਵੀ
9/142 ਜੀਰਾ(ਫਿਰੋਜਪੁਰ)
ਪੰਜਾਬ (ਭਾਰਤ)


Tuesday, 6 September 2011

..ਸਨਮਾਨ



ਕੋਈ ਮਾਇਨੇ ਨਹੀਂ ਰਖਦੇ
ਸਨਮਾਨ ਖਰੀਦੇ ਹੋਏ
ਜਿਹਨਾਂ ਦੇ ਬਦਲੇ ਦੇ ਵਿੱਚ
ਧਰਨੀ ਪਈ ਹੋਵੇ ਗਹਿਣੇ
ਆਪਣੀ ਜ਼ਮੀਰ ਦੀ ਪੂੰਜੀ |
ਸਨਮਾਨ ਤਾਂ ਉਹ ਹੁੰਦਾ ਏ
ਜੋ ਆਣ ਦੁਆ ਬਣ ਬੈਠੇ
ਇੱਕ ਅੰਮੜੀ ਦੇ ਬੁੱਲ੍ਹਾਂ ਤੇ
ਜਿਸਦੀ  ਲੀਰਾਂ   ਬੁੱਕਲ ਚੋਂ
ਕੋਈ ਅਣਘੜਿਆ ਜਿਹਾ ਪੱਥਰ
ਚੁੱਕਿਆ ,ਤਰਾਸ਼ਿਆ ਤੇ ਫਿਰ
 ਹੀਰਾ ਕੋਹਨੂਰ ਬਣਾਇਆ |
ਜਾਂ ਓਸ ਕੁੜੀ ਦਾ ਹਾਸਾ
ਜਿਸ ਦੇ ਪੈਰਾਂ ਨੂੰ ਦੇਕੇ
ਕੋਈ ਸਬਜ਼ ਸੁਨਹਿਰੀ ਪੈੜਾਂ
ਆਖਿਆ ਸੀ ਜਾਹ ਹੁਣ ਬੀਬਾ
ਤੈਨੂੰ ਨੇ ਸੱਤੇ ਖੈਰਾਂ |
ਆਹ ਲੈ ਅੱਖਰਾਂ ਦੀ ਪੂੰਜੀ
ਜੀਵਨ ਦੇ ਵਣਜ ਵਿਹਾਰੀਂ
 ਇਹ ਤੇਰੇ ਕੰਮ ਆਵੇਗੀ |
ਤੇ ਸਾਰੇ ਵਣਜ ਵਿਹਾ ਕੇ
ਉਹ ਪੈੜ ਸੁਨਹਿਰੀ ਟੁੱਕਦੀ
ਜਦ ਮੁੜਕੇ ਫਿਰ ਮਿਲਦੀ ਹੈ
ਤੇ ਆਣ  ਚੌਗਿਰਦੇ ਮੇਰੇ
ਇੱਕ ਮੋਹ ਦੀ ਤੰਦ ਵਲ਼ਦੀ ਹੈ |
 ਤਦ  ਉਹਦੀਆਂ ਪਲਕਾਂ ਹੇਠਾਂ
ਇੱਕ ਜਿੱਤ ਖੜੀ ਦਿਸਦੀ ਹੈ |
ਜਾਂ ਫਿਰ ਸਨਮਾਨ ਹੈ ਮੇਰਾ
ਇੱਕ ਬਾਪ ਦੀ ਅੱਖ ਚੋਂ ਕਿਰਿਆ
ਕੋਸਾ ਤੇ ਸੁੱਚੜਾ ਹੰਝੂ
ਜੋ ਓਸ ਵਜੋਂ ਸ਼ੁਕਰਾਨੇ
ਮੇਰੀ ਸਰਦਲ ਤੇ ਚੋਇਆ
ਜਦ ਪੁੱਤ  ਗਰੀਬੂ ਉਹਦਾ
ਬਣਕੇ ਸਮਿਆਂ ਦਾ ਹਾਣੀ
ਗੁਰਬਤ  ਦੀ ਪਾਟੀ  ਲੋਈ
ਕਿਤੇ ਦੂਰ ਪਰੇ ਧਰ ਆਇਆ |
ਸਨਮਾਨ ਤਾਂ ਉਹ ਹੁੰਦਾ ਏ
ਜਦ ਰਾਹ ਜਾਂਦਾ ਕੋਈ ਗਭਰੂ
ਇੱਕ ਪਲ ਮੁਸਕਾ ਕੇ ਵੇਖੇ
ਫਿਰ  ਪੈਰਾਂ ਤੇ ਝੁਕ ਜਾਏ
ਤੇ  ਹੱਸਦਾ ਹੱਸਦਾ ਦੱਸੇ
ਮੇਰੇ ਦਿੱਤੇ ਚਾਨਣ ਚੋਂ
ਉਹਨੇ ਕਿੰਨੇ  ਦੀਪ ਜਗਾਏ
ਤੇ ਕਿੰਨੇ ਘਰ ਰੁਸ਼ਨਾਏ |

byਗੁਰਮੀਤ  ਸੰਧਾ, on Tuesday, 06 September 2011 at 17:23

...ਤਾਂ ਫੇਰ ਕੀ

ghazal...

by Baljit Saini on Tuesday, 06 September 2011 at 17:52
ਮੇਰੇ ਖ਼ਾਬਾਂ ਨੂੰ ਜੇ ਮਿਲਿਆ ਘਰ ਨਹੀਂ ਤਾਂ ਫੇਰ ਕੀ |
ਸੁੱਕਿਆ ਨੈਣਾਂ ਦਾ ਜੇ ਸਾਗਰ ਨਹੀਂ ਤਾਂ ਫੇਰ ਕੀ |


ਤੇਰੀਆਂ ਯਾਦਾਂ ਦਾ ਸੂਰਜ ਜ਼ਹਿਨ ਵਿਚ ਮਹਿਫ਼ੂਜ਼ ਹੈ ,
ਜ਼ਿੰਦਗੀ ਵਿਚ ਧੁੱਪ ਦੀ ਕਾਤਰ ਨਹੀਂ ਤਾਂ ਫੇਰ ਕੀ |


ਜਾਣ ਕੇ ਖ਼ੁਦ ਨੂੰ ਇਕੱਲਾ ਕਿਉਂ ਮਨਾ ਹੋਵੇਂ ਉਦਾਸ ,
ਬਹੁਤ ਦੁਸ਼ਮਣ ਨਾਲ ਨੇ ਮਿੱਤਰ ਨਹੀਂ ਤਾਂ ਫੇਰ ਕੀ |


ਬਹੁਤ ਨੇ ਦੋ ਅੱਥਰੂ ਹੀ ਮੇਰੀਆਂ ਤੇਹਾਂ ਲਈ ,
ਰਸਤਿਆਂ ਵਿਚ ਜੇ ਕੋਈ ਸਾਗਰ ਨਹੀਂ ਤਾਂ ਫੇਰ ਕੀ |


ਕਰ ਲਿਆ ਤਬਦੀਲ ਖ਼ੁਦ ਨੂੰ ਮੌਸਮਾਂ ਦੇ ਨਾਲ ਮੈਂ ,
ਦਿਲ ਨੂੰ ਜੇਕਰ ਕਰ ਸਕੀ ਪੱਥਰ ਨਹੀਂ ਤਾਂ ਫੇਰ ਕੀ |


ਕਰ ਸਕੇਂ ਤਾਂ ਮੇਰੀ ਖ਼ਾਮੋਸ਼ੀ ਦਾ ਕਰ ਲੈ ਤਰਜੁਮਾ, 
ਮੇਰੇ ਕੋਲੇ ਬੋਲਦੇ ਅੱਖਰ ਨਹੀਂ ਤਾਂ ਫੇਰ ਕੀ |

Saturday, 3 September 2011

ਅੱਜ ਕੱਲ...


ਅੱਜ ਕੱਲ {ਕਵਿਤਾ}
ਮੈਂ ਖੁਦ ਨੂੰ

ਏਦਾਂ ਪਰਖਦਾ ਹਾਂ

ਮੈਂ ਜੋ ਕੁਝ ਕਰਦਾ ਹਾਂ

ਕੀ ਉਦਾਂ ਸੋਚਦਾ ਹਾਂ

ਜੋ ਮੈਂ ਸੋਚਦਾ ਹਾਂ

ਕੀ ਉਦਾਂ ਵਿਚਰਦਾ ਹਾਂ



ਮੈਂ ਖੁਦ ਬਾਰੇ

ਜਦ ਵੀ ਸੋਚਦਾ ਹਾਂ

ਆਪਣੀ ਪਰਖ ਦੇ ਪੈਮਾਨਿਆਂ ਨੂੰ

ਪਲ ਪਲ ਬਦਲਦਾ ਹਾਂ



ਮੈਂ ਧਰਤੀ ਤੇ ਜਦੋਂ ਰਹਿੰਦਾ ਹਾਂ

ਅਕਾਸ਼ਾਂ ਦੀ ਬੁਲੰਦੀ ਮਾਪਦਾ ਰਹਿੰਦਾਂ

’ਤੇ ਜਦ ਆਕਾਸ਼ਾਂ ਚ ਘੁੰਮਾਂ

ਧਰਤ ਸੰਗ

ਆਪਣੇ ਰਿਸ਼ਤੇ ਦੇ ਬਾਰੇ ਸੋਚਦਾ ਹਾਂ

ਮੈਂ ਵਾਰ ਵਾਰ ਟੁੱਟਦਾ ਹਾਂ

ਮੁਡ਼ ਮੁਡ਼ ਜੁਡ਼ਣ ਲਈ

ਮੁਡ਼ ਮੁਡ਼ ਜੁਡ਼ਦਾ ਹਾਂ

ਫਿਰ ਫਿਰ ਟੁੱਟਣ ਵਾਸਤੇ

ਮੇਰੇ ਆਪੇ ਦੇ ਅੰਦਰ

ਇਹ ਕੇਹੀ ਦੁਫੇਡ਼ ਹੈ

ਮੈਂ ਖੁਦ ਨਾਲ ਲਡ਼ਦਾ ਹਾਂ

ਜੰਗ ਹਰ ਵੇਲੇ

ਮੇਰੇ ਅੰਦਰ ਵਿਚਾਰਾਂ ਦਾ

ਇਹ ਕੇਹਾ ਭੇਡ਼ ਹੈ

ਮੈਂ ਆਪ ਮੁਜਰਿਮ ਹਾਂ

ਤੇ ਆਪ ਹੀ ਮੁਨਸਿਫ ਵੀ

ਰੂਹ ਮੇਰੀ ਫੈਸਲੇ ਆਪਣੇ

ਘਡ਼ੀ ਘਡ਼ੀ ਹੈ ਬਦਲਦੀ

ਮੈਂ ਕਹਿੰਦਾ ਜੋ ਵੀ ਹੋਵਾਂ

ਕਹਿਣਾ ਕੁਝ ਹੋਰ ਲੋਚਦਾ ਹਾਂ

ਮੈਂ

ਆਪਣੇ ਆਪ ਦੇ ਬਾਰੇ ਚ

ਅੱਜ ਕੱਲ ਏਦਾਂ ਹੀ ਸੋਚਦਾ ਹਾਂ

ਮੈਂ ਤੈਨੂੰ ਇਸ ਘਡ਼ੀ ਜੋ ਵੀ ਕਹਿ ਰਿਹਾਂ

ਅਗਲੇ ਹੀ ਪਲ

ਆਪਣੇ ਆਪ ਨੂੰ

ਕੂਝ ਹੋਰ ਤਰਾਂ ਪੇਸ਼ ਕਰ ਸਕਦਾ ਹਾਂ

ਉਹ ਵੀ ਮੇਰਾ ਹੀ ਸੱਚ ਸੀ

ਇਹ ਵੀ ਮੇਰੀ ਸੱਚਾਈ ਹੈ

ਕਦੇ ਆਖਾਂ ਮੈਂ ਜ਼ੱਰਾ੍ ਹਾਂ

ਕਦੇ ਸੋਚਾਂ

ਮੇਰੇ ਅੰਦਰ ਖੁਦਾਈ ਹੈ



ਅੱਜ ਕੱਲ

ਮੈਂ ਖੁਦ ਨੂੰ ਹਾਂ ਇਦਾਂ ਪਰਖਦਾ

ਮੈਂ ਜੋ ਵੀ ਕਰ ਰਿਹਾਂ

ਕੀ ਮੈਂ ਉਦਾਂ ਸੋਚਦਾਂ
-ਹਰਮੀਤ  ਵਿਦਿਆਰਥੀ

■ਮੇਰਾ ਸ਼ਹਿਰ ਹੈ....ਮਨ੍ਪ੍ਰੀਤ ਗੋਸਲ

■ਮੇਰਾ ਸ਼ਹਿਰ ਹੈ
ਵਿਧਾਨ ਸਭਾ ਵਿੱਚ ਬੱਸਾਂ ਦੇ ਕਿਰਾਏ
ਵਧਾਉਣ ਬਾਰੇ ਚੱਲ ਰਹੀ ਲੰਬੀ
ਬਹਿਸ ਵਰਗਾ !
ਸੜਕਾਂ ਨੇ
ਮੇਰੇ ਦੇਸ ਦੀ ਗਰੀਬ ਜਨਤਾ ਦੀਆਂ
ਦਲੀਲਾਂ ਵਰਗੀਆਂ ,
ਜਿਹਨਾਂ ਨੂੰ ਲੀਡਰ ਬੇਤੁਕੀਆਂ ਦਸਦੇ ਨੇ !
ਗਲੀਆਂ ਨੇ ,
ਜਿਵੇਂ ਕੋਈ ਦੋ ਵਿਰੋਧੀ ਲੀਡਰ
ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ
ਏਧਰ ਓਧਰ ਘਸੀਟ ਰਹੇ ਹੋਣ !
ਮੇਰੇ ਸ਼ਹਿਰ ਦਾ ਹਰ ਮਕਾਨ
ਕਿਸੇ ਗਰੀਬ ਦੀ ਮਜ਼੍ਬੂਰੀ ਵਸ
ਨਿਕ੍ਲੀ ਧਾਹ ਪਿੱਛੋਂ ਗੁੱਸੇ ਵਿੱਚ
ਅਸ੍ਮਾਨ ਵੱਲ ਵੱਟੀ ਗਈ
ਮੁੱਠੀ ਵਰਗਾ ਹੈ !
ਕੰਧਾ ਨੇ ਉਸੇ ਗਰੀਬ ਵੱਲੋਂ
ਲਈਆਂ ਗਈਆਂ
ਕਚੀਚੀਆਂ ਵਰਗੀਆਂ,
ਮੇਰੇ ਸ਼ਹਿਰ ਦੀਆਂ ਨਾਲੀਆਂ ਨੇ
ਕਿਸੇ ਕਰ੍ਜ਼ਈ ਕਿਸਾਨ ਦੇ
ਕਰ੍ਜ਼ੇ ਤੋਂ ਤੰਗ ਆ ਜਾਣ ਤੇ
ਸਪ੍ਰੇਅ ਪੀ ਜਾਣ ਪਿੱਛੋਂ
ਮੂੰਹ ’ਚੋਂ ਨਿਕਲੀ ਝੱਗ ਵਰਗੀਆਂ !
ਇਹ ਆਦਾਨ ਪ੍ਰ੍ਦਾਨ ਇਹ ਬਹਿਸ
ਸ਼ਾਇਦ ਮੇਰੇ ਜਨਮ ਤੋਂ
ਸ਼ੁਰੂ ਹੋਈ ਹੋਵੇਗੀ !
ਹੁਣ ਹਰ ਮੋੜ ਤੇ
ਸਕੂਟਰਾਂ ਤੇ ਕਾਰਾਂ ਦਾ ਧੂੰਆਂ
ਕਿਸੇ ਥਾਣੇਦਾਰ ਦੇ ਮੂੰਹ ’ਚੋਂ
ਨਿਕਲੀਆਂ ਗਾਲ੍ਹਾਂ ਵਾਂਗੂ
ਦਿਲ ਤੇ ਅਸਰ ਕਰਦਾ ਹੈ
ਇਹਨਾਂ ਦੇ ਹਾਰਨ
ਇੱਕ ਦੂਸਰੇ ਨਾਲ
ਕੁਰੂਕ੍ਸ਼ੇਤਰ ਦੀ ਜੰਗ ਲੜਦੇ ਨੇ ,
ਇੱਥੇ ਜੋ ਵੀ ਜੰਮਦਾ ਹੈ
ਸੋਚਦਾ ਹੈ,
ਇਹ ਇਨ੍ਸਾਫ਼ ਕਦ ਹੋਵੇਗਾ ?
ਜਦੋਂਕਿ ਇੱਥੇ ਹਰ ਸਵਾਲ ਹੀ
ਇਨਸਾਫ਼-ਖੋਰਾਂ ਲਈ ਹੈ !
ਰਾਤ ਆਉਂਦੀ ਐ, ਸੌ ਜਾਵਾਂਗੇ
ਸੁਪਨੇ ਵਿੱਚ ਕਿਸੇ ਰਾਂਝੇ ਦੀ ਵੰਝਲੀ ਦਾ ਰਾਗ
ਜਾਂ
ਚੂਰੀ ਲੈ ਕੇ ਆਉਂਦੀ ਹੀਰ ਦੇ ਪੈਰਾਂ ’ਚ
ਛਣਕਦੀ ਝਾਂਜਰ ਦੀ ਛਣ - ਛਣ ਨਹੀਂ
ਸਗੋਂ ਸੁਪਨੇ ਵਿੱਚ ਵੀ ਸੋਚਦੇ ਹਾਂ
ਕਿ ਇਹ ਹੀਰ ਨਹੀਂ, ਉਹ ਹੀਰ ਹੋਵੇਗੀ
ਯਾ ਖੁਦਾ
ਇੱਥੇ ਕਦ ਹੋਵੇਗੀ ਸੁਣਵਾਈ
ਸਮੇਂ ਦੇ ਮਾਰਿਆਂ ਦੀ
ਤੇ ਕਦ ਹੋਵੇਗਾ ਇਨਸਾਫ਼
ਬੇ-ਇਨ੍ਸਾਫ਼ਾਂ ਨਾਲ
ਜਰਾਂ ਗੌਰ ਕਰੀਂ
ਇਸ ਗੱਲ ’ਤੇ !
..........ਮਨ੍ਪ੍ਰੀਤ ਗੋਸਲ

Friday, 2 September 2011

ਅਸੀਂ ਇੱਕ ਹਾਂ...!-ਮਨ੍ਪ੍ਰੀਤ ਗੋਸਲ

ਅਸੀਂ ਇੱਕ ਹਾਂ...!



ਐ ਕੁਦਰਤ ਇਹ ਧਰਮ,

ਸਿੱਖ ਤੇ ਹਿੰਦੂ ਵੱਖ ਕਿਉਂ ਦਿਸਦੇ ਨੇ ,

ਜਦ੍ਕਿ ਇੱਕ ਨੇ ..!

ਸਭ ਤੋਂ ਪਹਿਲਾਂ ਸ੍ਰਿਸ਼ਟੀ ਪੈਦਾ ਹੋਈ

ਤੇ ਫ਼ਿਰ ਇਹ ਸਭ, ਨਿਰੰਕਾਰ ਜੋਤੀ ਸਰੂਪ

ਨਿਰੰਕਾਰ ਜੋਤੀ ਸਰੂਪ ਦਾ ਬੇਟਾ ਸੱਚ ,

ਸੱਚ ਦਾ ਬੇਟਾ ਓਅੰਕਾਰ ,

ਓਅੰਕਾਰ ਦਾ ਬੇਟਾ ਬ੍ਰਹਮਾਂ,

ਬ੍ਰਹਮਾਂ ਦਾ ਬੇਟਾ ਉਦਿਆਲਕ,

ਉਦਿਆਲਕ ਦਾ ਬੇਟਾ ਧੂਲ,

ਧੂਲ ਦਾ ਬੇਟਾ ਬ੍ਰਹਿਮੰਡ ,

ਬ੍ਰਹਿਮੰਡ ਦਾ ਬੇਟਾ ਅੰਡ,

ਅੰਡ ਦਾ ਬੇਟਾ ਸੂਰਜ ,

ਸੂਰਜ ਦਾ ਬੇਟਾ ਕਸ਼ਪ,

ਕਸ਼ਪ ਦਾ ਬੇਟਾ ਦਲੀਪ,

ਦਲੀਪ ਦਾ ਬੇਟਾ ਰਘੂ ,

ਰਘੂ ਦਾ ਬੇਟਾ ਅੱਜ,

ਅੱਜ ਦਾ ਬੇਟਾ ਦਸ਼ਰਥ,

ਦਸ਼ਰਥ ਦਾ ਬੇਟਾ ਰਾਮਚੰਦਰ ,

ਰਾਮਚੰਦਰ ਦਾ ਬੇਟਾ ਕੁਸ਼ ,

ਕੁਸ਼ ਦਾ ਬੇਟਾ ਲਹੂ,

ਲਹੂ ਦਾ ਬੇਟਾ ਕਾਲ ਕੇਤ,

ਕਾਲ ਕੇਤ ਦਾ ਬੇਦੀ

ਬੇਦੀ ਦਾ ਬੇਟਾ ਭੇਖ,

ਭੇਖ ਦਾ ਬੇਟਾ ਚਿੱਤਰ੍ਸਾਲ,

ਚਿੱਤਰ੍ਸਾਲ ਦਾ ਬੇਟਾ ਰਾਮ ਲੋਕ,

ਰਾਮ ਲੋਕ ਦਾ ਬੇਟਾ ਸਹਿਣਾ

ਸਹਿਣਾ ਦਾ ਬੇਟਾ ਮਹਿਤਾ ਕਾਲੂ ,

ਮਹਿਤਾ ਕਾਲੂ ਦਾ ਬੇਟਾ ਗੁਰੂ ਨਾਨਕ ਦੇਵ ,

ਹੋ ਗਏ ਨਾ ਇੱਕ !

ਪਤਾ ਨੀ ਖੌਰੇ ਕਦੋਂ ਸਮ੍ਝਣਗੇ ਇਹ ਲੋਕ

ਚਲੋਂ ਅੱਗੇ ਹੋਰ ਵੇਖਦੇ ਹਾਂ ...!

ਸ਼੍ਰੀ ਰਾਮ ਚੰਦਰ ਦਾ ਬੇਟਾ ਲਵ ,

ਲਵ ਦਾ ਬੇਟਾ ਕਾਲ ਰਾਏ ਸੋ੍ਢੀ ,

ਕਾਲ ਰਾਏ ਸੋਢੀ ਦਾ ਬੇਟਾ ਉਦੇ ਰਾਏ ,

ਉਦੇ ਰਾਏ ਦਾ ਬੇਟਾ ਮੁਲਖ ਰਾਏ ,

ਮੁਲਖ ਰਾਏ ਦਾ ਬੇਟਾ ਸਬੀਰ ਮੋਤਾ ,

ਸਬੀਰ ਮੋਤਾ ਦਾ ਬੇਟਾ ਅੰਨਤਾ,

ਅੰਨਤਾ ਦਾ ਬੇਟਾ ਚਿੱਤ

ਚਿੱਤ ਦਾ ਬੇਟਾ ਮੌਜ,

ਮੌਜ ਦਾ ਬੇਟਾ ਦਿਆਲ ਰਾਏ,

ਦਿਆਲ ਰਾਏ ਦਾ ਬੇਟਾ ਹਰੀ ਦਾਸ ,

ਹਰੀਦਾਸ ਦਾ ਬੇਟਾ ਗੁਰੂ ਰਾਮਦਾਸ,

ਗੁਰੂ ਰਾਮਦਾਸ ਦਾ ਬੇਟਾ ਗੁਰੂ ਅਰਜਨ ਦੇਵ,

ਗੁਰੂ ਅਰਜਨ ਦੇਵ ਦਾ ਬੇਟਾ ਗੁਰੂ ਹਰਗੋਬਿੰਦ,

ਗੁਰੂ ਹਰਗੋਬਿੰਦ ਦਾ ਬੇਟਾ ਗੁਰੂ ਤੇਗ ਬਹਾਦੁਰ

ਗੁਰੂ ਤੇਗ ਬਹਾਦੁਰ ਦਾ ਬੇਟਾ ਗੁਰੂ ਗੋਬਿੰਦ ਸਿੰਘ

ਫਿਰ ਅਸੀਂ ਹੁਣ ਵੱਖ ਕਿਵੇਂ ਹੋਏ ?

..........ਮਨ੍ਪ੍ਰੀਤ ਗੋਸਲ



.