ਕੋਈ ਮਾਇਨੇ ਨਹੀਂ ਰਖਦੇ
ਸਨਮਾਨ ਖਰੀਦੇ ਹੋਏ
ਜਿਹਨਾਂ ਦੇ ਬਦਲੇ ਦੇ ਵਿੱਚ
ਧਰਨੀ ਪਈ ਹੋਵੇ ਗਹਿਣੇ
ਆਪਣੀ ਜ਼ਮੀਰ ਦੀ ਪੂੰਜੀ |
ਸਨਮਾਨ ਤਾਂ ਉਹ ਹੁੰਦਾ ਏ
ਜੋ ਆਣ ਦੁਆ ਬਣ ਬੈਠੇ
ਇੱਕ ਅੰਮੜੀ ਦੇ ਬੁੱਲ੍ਹਾਂ ਤੇ
ਜਿਸਦੀ ਲੀਰਾਂ ਬੁੱਕਲ ਚੋਂ
ਕੋਈ ਅਣਘੜਿਆ ਜਿਹਾ ਪੱਥਰ
ਚੁੱਕਿਆ ,ਤਰਾਸ਼ਿਆ ਤੇ ਫਿਰ
ਹੀਰਾ ਕੋਹਨੂਰ ਬਣਾਇਆ |
ਜਾਂ ਓਸ ਕੁੜੀ ਦਾ ਹਾਸਾ
ਜਿਸ ਦੇ ਪੈਰਾਂ ਨੂੰ ਦੇਕੇ
ਕੋਈ ਸਬਜ਼ ਸੁਨਹਿਰੀ ਪੈੜਾਂ
ਆਖਿਆ ਸੀ ਜਾਹ ਹੁਣ ਬੀਬਾ
ਤੈਨੂੰ ਨੇ ਸੱਤੇ ਖੈਰਾਂ |
ਆਹ ਲੈ ਅੱਖਰਾਂ ਦੀ ਪੂੰਜੀ
ਜੀਵਨ ਦੇ ਵਣਜ ਵਿਹਾਰੀਂ
ਇਹ ਤੇਰੇ ਕੰਮ ਆਵੇਗੀ |
ਤੇ ਸਾਰੇ ਵਣਜ ਵਿਹਾ ਕੇ
ਉਹ ਪੈੜ ਸੁਨਹਿਰੀ ਟੁੱਕਦੀ
ਜਦ ਮੁੜਕੇ ਫਿਰ ਮਿਲਦੀ ਹੈ
ਤੇ ਆਣ ਚੌਗਿਰਦੇ ਮੇਰੇ
ਇੱਕ ਮੋਹ ਦੀ ਤੰਦ ਵਲ਼ਦੀ ਹੈ |
ਤਦ ਉਹਦੀਆਂ ਪਲਕਾਂ ਹੇਠਾਂ
ਇੱਕ ਜਿੱਤ ਖੜੀ ਦਿਸਦੀ ਹੈ |
ਜਾਂ ਫਿਰ ਸਨਮਾਨ ਹੈ ਮੇਰਾ
ਇੱਕ ਬਾਪ ਦੀ ਅੱਖ ਚੋਂ ਕਿਰਿਆ
ਕੋਸਾ ਤੇ ਸੁੱਚੜਾ ਹੰਝੂ
ਜੋ ਓਸ ਵਜੋਂ ਸ਼ੁਕਰਾਨੇ
ਮੇਰੀ ਸਰਦਲ ਤੇ ਚੋਇਆ
ਜਦ ਪੁੱਤ ਗਰੀਬੂ ਉਹਦਾ
ਬਣਕੇ ਸਮਿਆਂ ਦਾ ਹਾਣੀ
ਗੁਰਬਤ ਦੀ ਪਾਟੀ ਲੋਈ
ਕਿਤੇ ਦੂਰ ਪਰੇ ਧਰ ਆਇਆ |
ਸਨਮਾਨ ਤਾਂ ਉਹ ਹੁੰਦਾ ਏ
ਜਦ ਰਾਹ ਜਾਂਦਾ ਕੋਈ ਗਭਰੂ
ਇੱਕ ਪਲ ਮੁਸਕਾ ਕੇ ਵੇਖੇ
ਫਿਰ ਪੈਰਾਂ ਤੇ ਝੁਕ ਜਾਏ
ਤੇ ਹੱਸਦਾ ਹੱਸਦਾ ਦੱਸੇ
ਮੇਰੇ ਦਿੱਤੇ ਚਾਨਣ ਚੋਂ
ਉਹਨੇ ਕਿੰਨੇ ਦੀਪ ਜਗਾਏ
ਤੇ ਕਿੰਨੇ ਘਰ ਰੁਸ਼ਨਾਏ |
byਗੁਰਮੀਤ ਸੰਧਾ, on Tuesday, 06 September 2011 at 17:23
No comments:
Post a Comment