Saturday, 3 September 2011

■ਮੇਰਾ ਸ਼ਹਿਰ ਹੈ....ਮਨ੍ਪ੍ਰੀਤ ਗੋਸਲ

■ਮੇਰਾ ਸ਼ਹਿਰ ਹੈ
ਵਿਧਾਨ ਸਭਾ ਵਿੱਚ ਬੱਸਾਂ ਦੇ ਕਿਰਾਏ
ਵਧਾਉਣ ਬਾਰੇ ਚੱਲ ਰਹੀ ਲੰਬੀ
ਬਹਿਸ ਵਰਗਾ !
ਸੜਕਾਂ ਨੇ
ਮੇਰੇ ਦੇਸ ਦੀ ਗਰੀਬ ਜਨਤਾ ਦੀਆਂ
ਦਲੀਲਾਂ ਵਰਗੀਆਂ ,
ਜਿਹਨਾਂ ਨੂੰ ਲੀਡਰ ਬੇਤੁਕੀਆਂ ਦਸਦੇ ਨੇ !
ਗਲੀਆਂ ਨੇ ,
ਜਿਵੇਂ ਕੋਈ ਦੋ ਵਿਰੋਧੀ ਲੀਡਰ
ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ
ਏਧਰ ਓਧਰ ਘਸੀਟ ਰਹੇ ਹੋਣ !
ਮੇਰੇ ਸ਼ਹਿਰ ਦਾ ਹਰ ਮਕਾਨ
ਕਿਸੇ ਗਰੀਬ ਦੀ ਮਜ਼੍ਬੂਰੀ ਵਸ
ਨਿਕ੍ਲੀ ਧਾਹ ਪਿੱਛੋਂ ਗੁੱਸੇ ਵਿੱਚ
ਅਸ੍ਮਾਨ ਵੱਲ ਵੱਟੀ ਗਈ
ਮੁੱਠੀ ਵਰਗਾ ਹੈ !
ਕੰਧਾ ਨੇ ਉਸੇ ਗਰੀਬ ਵੱਲੋਂ
ਲਈਆਂ ਗਈਆਂ
ਕਚੀਚੀਆਂ ਵਰਗੀਆਂ,
ਮੇਰੇ ਸ਼ਹਿਰ ਦੀਆਂ ਨਾਲੀਆਂ ਨੇ
ਕਿਸੇ ਕਰ੍ਜ਼ਈ ਕਿਸਾਨ ਦੇ
ਕਰ੍ਜ਼ੇ ਤੋਂ ਤੰਗ ਆ ਜਾਣ ਤੇ
ਸਪ੍ਰੇਅ ਪੀ ਜਾਣ ਪਿੱਛੋਂ
ਮੂੰਹ ’ਚੋਂ ਨਿਕਲੀ ਝੱਗ ਵਰਗੀਆਂ !
ਇਹ ਆਦਾਨ ਪ੍ਰ੍ਦਾਨ ਇਹ ਬਹਿਸ
ਸ਼ਾਇਦ ਮੇਰੇ ਜਨਮ ਤੋਂ
ਸ਼ੁਰੂ ਹੋਈ ਹੋਵੇਗੀ !
ਹੁਣ ਹਰ ਮੋੜ ਤੇ
ਸਕੂਟਰਾਂ ਤੇ ਕਾਰਾਂ ਦਾ ਧੂੰਆਂ
ਕਿਸੇ ਥਾਣੇਦਾਰ ਦੇ ਮੂੰਹ ’ਚੋਂ
ਨਿਕਲੀਆਂ ਗਾਲ੍ਹਾਂ ਵਾਂਗੂ
ਦਿਲ ਤੇ ਅਸਰ ਕਰਦਾ ਹੈ
ਇਹਨਾਂ ਦੇ ਹਾਰਨ
ਇੱਕ ਦੂਸਰੇ ਨਾਲ
ਕੁਰੂਕ੍ਸ਼ੇਤਰ ਦੀ ਜੰਗ ਲੜਦੇ ਨੇ ,
ਇੱਥੇ ਜੋ ਵੀ ਜੰਮਦਾ ਹੈ
ਸੋਚਦਾ ਹੈ,
ਇਹ ਇਨ੍ਸਾਫ਼ ਕਦ ਹੋਵੇਗਾ ?
ਜਦੋਂਕਿ ਇੱਥੇ ਹਰ ਸਵਾਲ ਹੀ
ਇਨਸਾਫ਼-ਖੋਰਾਂ ਲਈ ਹੈ !
ਰਾਤ ਆਉਂਦੀ ਐ, ਸੌ ਜਾਵਾਂਗੇ
ਸੁਪਨੇ ਵਿੱਚ ਕਿਸੇ ਰਾਂਝੇ ਦੀ ਵੰਝਲੀ ਦਾ ਰਾਗ
ਜਾਂ
ਚੂਰੀ ਲੈ ਕੇ ਆਉਂਦੀ ਹੀਰ ਦੇ ਪੈਰਾਂ ’ਚ
ਛਣਕਦੀ ਝਾਂਜਰ ਦੀ ਛਣ - ਛਣ ਨਹੀਂ
ਸਗੋਂ ਸੁਪਨੇ ਵਿੱਚ ਵੀ ਸੋਚਦੇ ਹਾਂ
ਕਿ ਇਹ ਹੀਰ ਨਹੀਂ, ਉਹ ਹੀਰ ਹੋਵੇਗੀ
ਯਾ ਖੁਦਾ
ਇੱਥੇ ਕਦ ਹੋਵੇਗੀ ਸੁਣਵਾਈ
ਸਮੇਂ ਦੇ ਮਾਰਿਆਂ ਦੀ
ਤੇ ਕਦ ਹੋਵੇਗਾ ਇਨਸਾਫ਼
ਬੇ-ਇਨ੍ਸਾਫ਼ਾਂ ਨਾਲ
ਜਰਾਂ ਗੌਰ ਕਰੀਂ
ਇਸ ਗੱਲ ’ਤੇ !
..........ਮਨ੍ਪ੍ਰੀਤ ਗੋਸਲ

No comments:

Post a Comment