Wednesday, 31 August 2011

ਹੀਰ - ਰਾਂਝਾ-Manpreet Gosal

 
ਹੀਰ - ਰਾਂਝਾ


ਹੀਰੇ !
ਜੋ ਮੈਂ ਸੁਣਿਆ ਠੀਕ ਹੈ ?
ਤੇਰੇ ਪਿਤਾ ਜੀ ਆਂਹਦੇ ਨੇ,
ਜੇਕਰ ਮੈਂ ਰਾਂਝਾ
ਬਾਰਾਂ ਹਜ਼ਾਰ ਰੁਪਏ ਮਹੀਨਾ
ਕਮਾ ਸਕਦਾ ਹਾਂ !
ਤਾਂ ਤੇਰੀ ਡੌਲੀ
ਤਖਤ ਹਜ਼ਾਰੇ ਲਿਜਾ ਸਕਦਾ ਹਾਂ
ਨਹੀਂ ਤਾਂ
ਨਹੀਂ ਤਾਂ , ਓਹ ਤੇਰਾ ਨਿਕਾਹ
ਵੀਹ ਹਜ਼ਾਰ ਲੈਂਦੇ ਸੈਦੇ ਨਾਲ ਕਰ ਦੇਣਗੇ !!
ਹੀਰੇ !
ਮੈਂ ਬੇਰੁਜ਼ਗਾਰ ਹਾਂ
ਪਰ ਤੈਨੂੰ ਪਿਆਰ ਕਰਦਾ ਹਾਂ !
ਤੇਰੇ ਪਿਛੇ ਛ੍ੱਡ ਨਹੀਂ ਹੋਣਾ
ਮੇਰੇ ਕੋਲੋਂ ਮੇਰੇ ਪਿਓ ਦਾ
ਤਖ਼ਤ ਹਜ਼ਾਰਾ
ਕਿਉਂਕਿ ਮੇਰੇ ਸੋਚਾਂ 'ਚ ਡੁੱਬੇ ਮੁੱਖ 'ਤੇ
ਫ਼ਿਕਰਾਂ ਦਾ ਤਾਜ਼
ਤਾਜ਼ ਤੇ ਜਿੰਮੇਵਾਰੀ ਦੀ ਪੰਡ
ਟਿਕੀ ਪਈ ਏ
ਮੇਰੀ ਭੈਣ ਦਾ ਵਿਆਹ ਮੈਂ ਕਰਨਾ ਹੈ
ਮਾਂ ਦੀਆਂ ਅੱਖਾਂ ਨੂੰ ਨਵਾਂ ਬਣਵਾਉਂਣਾ ਹੈ
ਜੋ ਅੱਖਾਂ ਉਸ ਨੇ ਗਵਾ ਲਈਆਂ
ਮੇਰੇ ਫ਼ਿਕਰਾਂ 'ਚ ਰੋ ਰੋ ਕੇ
ਬਾਪੂ ਜੀ ਦੇ ਸਾਹ ਦਾ ਇਲਾਜ ਵੀ ਕਰਵਾਉਣਾ ਹੈ
ਮੈਂ ਇਕੱਲਾ ਹੀ ਪੁੱਤ ਹਾਂ
ਆਪਣੇ ਗਰੀਬ ਮਾਂ-ਬਾਪ ਦਾ
ਮੇਰੇ ਹੋਰ ਤਿੰਨ ਵੀਰ ਵੀ ਨਹੀਂ
ਨਾ ਹੀ ਮੇਰਾ ਪਿਓ ਚੌਧਰੀ ਹੈ
ਮੈਂ ਤਾਂ ਤੇਰੇ ਗਮ ਵਿੱਚ ਜੋਗੀ
ਵੀ ਨਹੀਂ ਹੋ ਸਕਦਾ
ਲੋਕ ਕੀ ਆਖਣਗੇ ,
ਕਹਿਣਗੇ !
ਕਬੀਲਦਾਰੀ ਤੋਂ ਡਰਦਾ ਸਾਧ ਹੋ ਗਿਆ
ਚਾਅ ਵਿਲਕ ਪੈਣਗੇ ਲਾਡੋ ਭੈਣ ਦੇ,
ਰੰਡੇਪਾ ਸਿਹਾ ਨਹੀਂ ਜਾਣਾ ਮੇਰੀ ਮਾਂ ਤੋਂ
ਸਾਧ ਹੋਣ ਦਾ ਗਮ ਸਹਿਆ ਨਹੀਂ ਜਾਣਾ
ਮੇਰੇ ਬਾਪੂ ਜੀ ਤੋਂ
ਹੀਰੇ !
ਤੂੰਹੀਓ ਦੱਸ ਕੀ ਕਰਾਂ ਮੈਂ ਹੁਣ ?
ਪੈਸੇ ਤੇ ਚੰਗੇ ਕੱਪ੍ੜੇ ਨਹੀਂ ਹੈਗੇ
ਕਿਸੇ ਲੀਡਰ ਨੂੰ ਮਿਲਨ ਜਾਣ ਵਾਸਤੇ
ਤੇ ਰਿਸ਼ਵਤ ਕਿੱਥੋਂ ਦੇਵਾਂਗਾ ?
ਅੱਜ ਕੱਲ ਦੇ ਅਦਲੀ ਰਾਜੇ ਫ਼ਰਿਆਦ ਵੀ
ਰਿਸ਼ਵਤ ਲੈ ਕੇ ਸੁਣਦੇ ਨੇ !
ਚ੍ੱਲ ਮੈਂ ਤੈਨੂੰ ਘਰ ਛੱਡ ਆਵਾਂ
ਤੇਰਾ ਪਿਤਾ ਚੂਚਕ ਉਡੀਕਦਾ ਹੋਵੇਗਾ ,
ਤੂੰ ਰੰਗ੍ਪੁਰ ਵਿਆਹ ਕਰਵਾ ਲਵੀਂ ,
ਮੈਂ ਸੁਣਿਐ !
ਤੇਰਾ ਸੈਦਾ ਫ਼ੀਲਡ ਅਫ਼੍ਸਰ ਲੱਗਿਆ ਏ !
ਹੀਰੇ !
ਮੈਂ ਤੈਨੂੰ ਕਿੰਝ ਸਮ੍ਝਾਵਾਂ,
ਮੈਂ ਤਾਂ ਰੱਖ੍ੜੀ ਬੰਨ੍ਣ ਬਦਲੇ ਆਪਣੀ ਭੈਣ ਨੂੰ
ਦੇ ਨਹੀਂ ਸਕਦਾ ਕੋਈ ਸੌਗਾਤ ,
ਕਿਉਂਕਿ ਮੈਂ ਬੇਰੁਜ਼ਗਾਰ ਹਾਂ !
ਨਾਨ੍ਕੇ ਮਿਲਣ ਚੱਲੀ ਮਾਂ ਨੂੰ
ਬੱਸ ਦਾ ਕਿਰਾਇਆ ਨਹੀਂ ਦੇ ਸਕਦਾ
ਕਿਉਂਕਿ ਮੈਂ ਬੇਰੁਜ਼ਗਾਰ ਹਾਂ !
ਮਜ਼ਦੂਰੀ ਨਹੀਂ ਕਰ ਸਕਦਾ
ਮਜ਼ਦੂਰ ਬਾਪੂ ਨਾਲ
ਕਿਉਂਕਿ ਮੈਂ ਪੜ੍ਹਿਆ ਲਿਖਿਆ ਹਾਂ
ਹੀਰੇ !
ਪਾਣੀ 'ਚ ਡਾਂਗਾ ਮਾਰਿਆਂ ਪਾਣੀ ਵੱਖ ਨਹੀਂ ਹੁੰਦੇ
ਤੂੰ ਜਿਸਮਾਨੀ ਤੌਰ ਤੇ ਕਿਸੇ ਹੋਰ ਦੀ ਹੋਜੇਂਗੀ
ਪਰ, ਰੂਹਾਨੀ ਤੌਰ ਤੇ ਮੇਰੀ ਹੀ ਰਹੇਂਗੀ
ਜਾਹ ਹੀਰੇ ! ਤੇਰਾ ਰੰਗ੍ਪੁਰ ਰੰਗੀ ਵਸੇ,
ਤੇਰੇ ਪਿਓ ਚੂਚਕ ਦਾ ਸਿਆਲ ਵਸੇ,
ਸਾਡੇ ਹਜ਼ਾਰੇ ਦਾ ਕੀ ਐ ਭਾਂਵੇ ਵਸੇ
ਤੇ ਭਾਂਵੇ ਨਾ ਵਸੇ
ਤੂੰ ਜਵਾਨੀਆਂ ਮਾਣ , ਖੇੜੇ ਹੰਢਾ ,
ਅਸੀਂ ਤਾਂ ਆਪਣੇ ਪਿੰਡੋ ਤੇਰੇ ਪਿੰਡ ਨੂੰ
ਜਾਂਦੀ ਸੜਕ ਤੇ ਵੰਝਲੀ ਵਜਾ ਕੇ

\ਤੇਰਾ ਰਾਹ ਤੱਕਿਆ ਕਰਾਂਗੇ !

.........ਮਨ੍ਪ੍ਰੀਤ ਗੋਸਲ

Tuesday, 30 August 2011

{ਈਦ}-ਗੁਰਮੀਤ ਸੰਧਾ

..

ਈਦ-   ਗੁਰਮੀਤ ਸੰਧਾ


.ਈਦ ਆਈ ਪਰ ਤੂੰ ਨਾ ਆਇਆ ,

ਮੈਂ ਵਿੱਚ ਦਰਾਂ ਦੇ ਖਲੀ ਆਂ

ਛਲਕਣ ਨੈਣ ਦਿਲ ਡੁੱਬਦਾ ਜਾਵੇ ,

ਦੁਖਣ ਪੈਰਾਂ ਦੀਆਂ ਤਲੀਆਂ
ਵਾਂਗ ਸ਼ੁਦੈਣਾ ਜ਼ੁਲਫ਼ਾਂ ਖੁੱਲ੍ਹੀਆਂ ,
ਖੜੀ ਤੱਕਾਂ ਵੱਲ ਗਲੀਆਂ
ਆ ਸੱਜਣਾਂ ਮੈਂ ਵੀ ਈਦ ਮਨਾਵਾਂ ,
ਮੈਂ ਬਾਝ ਤੇਰੇ ਮੁੱਕ ਚੱਲੀ ਆਂ
ਸੱਜਣਾਂ ਵਾਲੀਆਂ ਵੇਸ ਲਗਾਏ ,
ਅਸੀਂ ਪਏ ਦੁਪੱਟੜਾ ਤਾਣ
ਖੜਾ ਸਿਰਹਾਣੇ ਕੂਕੇ ਬਿਰਹਾ ,
ਜਾਏ ਮੁੱਕਦਾ ਮੇਰਾ ਹਠ ਤ੍ਰਾਣ
ਸੁੱਤੜੀ ਰੀਝ ਉਣੀਂਦੀਆਂ ਅੱਖੀਆਂ ,

ਮੇਰੇ ਅਟਕੇ ਲਬਾਂ ਤੇ ਪ੍ਰਾਣ
ਤੇਰੇ ਬਿਨਾ ਸਾਡੀ ਈਦ ਨਾ ਮੰਨਦੀ ,
ਆ ਰੱਖ ਕਮਲੀ ਦਾ ਮਾਣ .
-ਗੁਰਮੀਤ   ਸੰਧਾ


ਪਿੱਪਲ ਦਿਆ ਪੱਤਿਆ ਵੇ...(ਸਾਬ ਰਾਇ)





.ਪਿੱਪਲ ਦਿਆ ਪੱਤਿਆ ਵੇ

ਕਿਉ ਖੜ-ਖੜ ਲਾਈ ਹੋਈ ਆ

ਤੇਰਾ ਵੇਲਾ ਬੀਤ ਗਿਆ

ਰੁੱਤ ਨਵਿਆਂ ਦੀ ਆਈ ਹੋਈ ਆ !

ਤੇਨੂੰ ਪੱਤਿਆ ਇਹ ਕਹਿ ਕੇ

“ਤੂੰ ਬੜਾ ਰੌਲਾ ਪਾਉਂਦਾ ਸੀ

ਤੇਰੇ ਪੱਤੇ ਡਿਗਦੇ ਸੀ

ਸਾਰਾ ਟੱਬਰ ਹੂੰਝਣ ਲੱਗ ਜਾਂਦਾ ਸੀ

ਸਾਨੂੰ ਸ਼ਰਮ ਆਉਣ ਲੱਗ ਪਈ

ਜਦੋਂ ਕੋਈ ਪ੍ਰਾਹੁਣਾ ਆਉਂਦਾ ਸੀ !”

ਹੁਣ ਸ਼ੋ ਵਾਲੇ ਰੁੱਖ ਲਾ ਲਏ ਨੇ

ਆਪ ਧੁੱਪੇ ਸੜਦੇ ਹਾਂ

ਹੁਣ ਪਛਤਾਵਾ ਹੁੰਦਾ ਏ

ਤੇਨੂੰ ਚੇਤੇ ਕਰਦੇ ਹਾਂ

ਤੂੰ ਤੇ ਹੁਣ ਬਸ “ਰਾਏ” ਦੀਆਂ

ਯਾਦਾਂ ਵਿਚ ਹੀ ਰਹਿੰਦਾ ਏ

ਫੋਟੋ ਦੇਖਣ ਲਈ ਵੀ ਤੇਨੂੰ

ਗੂਗਲ ਚੋਂ ਲਭਣਾ ਪੈਂਦਾ ਏ !
 
-ਸਾਬ ਰਾਇ

ਨਜ਼ਮ (ਹਰਮੇਲ ਪ੍ਰੀਤ )

Harmail Preet

ਨਜ਼ਮ

ਉਨ੍ਹਾਂ ਨੂੰ ਕਹੋ



ਹਕੂਮਤ ਦੇ ਨਸ਼ੇ 'ਚ ਚੂਰ

ਉਹ ਭੁੱਲ ਬੈਠੇ ਨੇ

ਕਿ ਜਨਤਾ ਦੀ ਆਵਾਜ਼

ਦਬਾਈ ਨਹੀਂ ਜਾ ਸਕਦੀ

ਹਮੇਸ਼ਾ ਲਈ।

ਉਨ੍ਹਾਂ ਦਾ ਦਮਨ,

ਮੱਠੀ ਪਾ ਸਕਦਾ ਹੈ

ਇਸ ਅੱਗ ਨੂੰ,

ਵਕਤੀ ਤੌਰ 'ਤੇ।

ਪਰ ਇਹ ਅੱਗ

ਸੁਲਘਦੀ ਰਹਿੰਦੀ ਹੈ

ਅੰਦਰੇ- ਅੰਦਰ

ਪੀੜ੍ਹੀ ਦਰ ਪੀੜ੍ਹੀ।

ਤੇ ਸਮਾਂ ਆਉਣ 'ਤੇ

ਭਾਂਬੜ ਬਣਦੀ ਹੈ,

ਤਖ਼ਤ-ਓ-ਤਾਜ

ਸਾੜ ਕੇ ਸੁਆਹ ਕਰਦੀ ਹੈ।

ਉਨ੍ਹਾਂ ਨੂੰ ਆਖੋ,

ਲੋਕਾਂ ਦੀ ਜ਼ੁਬਾਨ ਦੀ

ਤਾਲਾਬੰਦੀ ਕਰਨ ਤੋਂ ਪਹਿਲਾਂ

ਉਹ ਫਰੋਲ ਕੇ ਦੇਖਣ,

ਤਵਾਰੀਖ਼ ਦੇ ਵਰਕੇ।

ਤੇ ਬਾਜ ਆਉਣ

ਅੱਗ ਨਾਲ ਖੇਡਣ ਦੀ

ਇਸ ਹਿਮਾਕਤ ਤੋ।
 
-ਹਰਮੇਲ  ਪ੍ਰੀਤ  

ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ !!



.ਬਾਪੂ ਕਿਸ ਵਾਸਤੇ ਲੱਗਾ ਬਣਾਉਣ ਕਹੀਆਂ ਤੇ ਰੰਭੇ

ਹੱਥ ਕੰਮ ਨੂੰ ਹੁਣ ਕੋਈ ਲਾਉਂਦਾ ਹੀ ਨਹੀ,

ਮੁੰਡੇ ਲਾ ਐਨਕਾਂ ਚੜ ਜਾਂਦੇ ਬੁਲਟ ਉੱਤੇ

ਹਲ ਖੇਤਾਂ ਵਿਚ ਕੋਈ ਚਲਾਉਂਦਾ ਹੀ ਨਹੀ !

ਡੱਕਾ ਭੰਨ ਕੇ ਦੂਹਰਾ ਨਹੀ ਕੋਈ ਕਰਦਾ

ਬਜ਼ੁਰਗ ਖੇਤਾਂ ਵਿਚ ਧੱਕੇ ਖਾਈ ਜਾਂਦੇ !

ਪੁੱਤ ਪੀਜਾ,ਬਰਗਰ ਖਾਂਦੇ ਕੁੜੀਆਂ ਨਾਲ ਬਹਿ ਕੇ

ਮਾਪੇ ਆਚਾਰ- ਗੰਡੇ ਨਾਲ ਵਕਤ ਲੰਘਾਈ ਜਾਂਦੇ !

ਉਦਾਂ ਡੋਲਿਆਂ ਤੇ ਵਾਹੇ ਸ਼ੇਰ ਇਹਨਾਂ

ਪਵੇ ਕੰਮ ਕਰਨਾ ਤਾਂ ਸਾਹੋ-ਸਾਹੀ ਹੋ ਜਾਂਦੇ !

ਪੰਜ ਮਿੰਟ ਵੀ ਕਹੀ ਨੀ ਚਲਾ ਸਕਦੇ

ਰੱਖ ਢਾਕਾਂ ਤੇ ਹੱਥ ਖਲੋ ਜਾਂਦੇ !

ਖੇਤਾਂ ਵਿਚ ਫਿਰਦੇ ਅੱਜ ਕੱਲ ਭਈਏ

ਅਨਪੜ ਬਜੁਰਗਾਂ ਨਾਲ ਹਿੰਦੀ ਉਹ ਮਾਰੀ ਜਾਂਦੇ !

ਪੁੱਤ ਡਿਸਕੋ ਕੱਲਬ ਚ ਕਰੇ ਹਾਏ ਹੈਲੋ

ਘਰਦੇ ਚੁੱਕ ਕਰਜਾ ਵਕਤ ਗੁਜਾਰੀ ਜਾਂਦੇ !

ਜੱਟ,ਸਰਦਾਰ,ਗਭਰੂ, ਸ਼ੇਰ ਪੰਜਾਬੀ

ਮੋਟਰਸਾਈਕਲ, ਗੱਡੀਆਂ ਤੇ ਲਿਖਿਆ ਰਹਿ ਜਾਣਾ !

ਜੇ ਰਿਹਾ ਇਥੇ ਇਹੀ ਹਾਲ”ਰਾਏ”

ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ !!
 
-ਸਾਬ ਰਾਇ

Saturday, 27 August 2011

(ਸ੍ਰੀ ਗੁਰੁ ਨਾਨਕ ਦੇਵ ਜੀ)..ਜਸਵੰਤ ਜ਼ਫਰ

ਸ੍ਰੀ ਗੁਰੁ ਨਾਨਕ ਦੇਵ ਜੀ



ਮਾਫ਼ ਕਰਨਾ



ਸਾਡੇ ਲਈ ਬਹੁਤ ਮੁਸ਼ਕਿਲ ਹੈ



ਨਾਨਕ ਦੀ ਅਸ੍ਲੀ ਤਸਵੀਰ ਦਾ ਧਿਆਨ ਧਰਨਾ



ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ



ਤਿੜਕੀਆਂ ਅੱਡੀਆਂ



ਨ੍ਹੇਰੀ ਨਾਲ ਉਲ੍ਝੀ ਖੁਸ਼੍ਕ ਦਾਹ੍ੜੀ



ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂਂਘ ‘ਚ



ਦਗਦੀਆਂ ਮਘਦੀਆਂ ਤੇਜ਼ ਅੱਖਾਂ



ਅੱਖਾਂ ਜੋ -



ਪਰਿਵਾਰ ਨੂੰ



ਸਰਕਾਰ ਨੂੰ



ਤੇ ਹਰ ਸੰਸਕਾਰ ਨੂੰ



ਟਿੱਚ ਜਾਣਦੀਆਂ



ਬਹੁਤ ਖਤਰਨਾਕ ਸਿੱਧ ਹੋ ਸਕਦੈ



ਸਾਡੇ ਲਈ ਅਸ੍ਲੀ ਨਾਨਕ



ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ



ਨਾਨਕ ਹੀ ਸੂਟ ਕਰਦਾ ਹੈ



ਸ਼ਾਂਤ



ਲੀਨ



ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ



ਹੱਥ ‘ਚੋਂ ਫੁਟਦੀ ਮਿਹਰ



ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ



ਸਨ ਸਿਲ੍ਕੀ ਸ਼ਫਾਫ ਦਾਹ੍ੜੀ



ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ



ਫੇਅਰ ਐਂਡ ਲਵ੍ਲੀ



ਸੁਰਖ ਟਿਪ੍ਸੀ ਹੋਂਠ



ਮੁਲਾਇਮ ਜੈਮਿਨੀ ਪੈਰ



ਕੂਲੇ ਬਾਰਬੀ ਹੱਥ



ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ



ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ



ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ



ਰਾਹਾਂ ਨੂੰ ਰੱਦ ਕਰਨ ਵਾਲੇ



ਖਤਰਨਾਕ ਨਾਨਕ ਦੀ ਅਸ੍ਲੀ ਤਸਵੀਰ ਦਾ ਭਾਰ



ਸਾਡੀ ਕੋਈ ਕੰਧ ਨਹੀਂ ਝੱਲ ਸਕਦੀ



ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ



ਘਰ ਨਹੀਂ ਢੁਆਉਣੇ



ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ



ਹੱਥੋਂ ਨਹੀਂ ਗੁਆਉਣੇ



ਅਸੀਂ ਅਸ੍ਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ



ਮਾਫ਼ ਕਰਨਾ



(ਜਸਵੰਤ ਜ਼ਫਰ)

























































































Monday, 15 August 2011

...ਕੋਈ ਵੀ ਸਾਥੀ ਟੁੰਡਾ ਨਹੀਂ{ikbal pathak}

ਚਿੱਕੜ ਵਿੱਚ ਜਿਉਂ ਕਮਲ ਸਬੂਤਾ, ਰਹਿਣਾ ਔਖਾ ਹੁੰਦਾ ਨਹੀਂ |
ਆਦਮ ਮਾਲਕ ਕੁਦਰਤ ਦਾ ਹੈ, ‘ਸਾਕ’ ਕਿਸੇ ਦਾ ਬੁੰਦਾ ਨਹੀਂ |

ਕੀ ਹਸਤੀ ਹੈ, ਕੀ ਔਕਾਤ ਹੈ, ਇਹੋ ਜਿਹੇ ਸ਼ਿਕਾਰੀ ਦੀ,
ਜਿਸਨੇ ਆਦਮ ਦੀ ਕਮੀਂ ਦਾ, ਕੋਈ ਵੀ ਪਹਿਲੂ ਫੁੰਡਾ ਨਹੀਂ |

ਹਰ ਥਾਂ ਵਸਦੇ ਚੋਰ-ਉਚੱਕੇ, ਦੋਸ਼ ਦਿਓ ਨਾ ਉਹਨਾਂ ਨੂੰ,
ਜਿੱਥੇ ਤੁਸਾਂ ਨੇ ਸੁਪਨੇ ਤਾੜੇ, ਕੀ ਉਸ ਘਰ ਨੂੰ ਕੁੰਡਾ ਨਹੀਂ ?

ਰੋਟੀ ਖਾਤਿਰ ਕਿਸੇ ਨੂੰ ਲੁੱਟਣਾ, ਰੀਤ, ਕਾਨੂੰਨ ਤੁਸਾਂ ਦਾ ਹੈ,
ਕਿੱਥੋਂ ਆਪਣੀ ਪੱਤ ਬਚਾਈਏ, ਕਿਹੜੇ ਦਫ਼ਤਰ ਗੁੰਡਾ ਨਹੀਂ ?

ਅਸੀਂ ਅਖਾਉਂਦੇ ਹਾਂ ਬਾਗੀ ਪਰ, ਇੱਕ ਨਾ ਇੱਕ ਸਬੂਤ ਦਿਓ,
ਤੁਸਾਂ ਦੇ ਨੌਕਰ ਦੇ ਹੱਥ ਵਿਚ ਜੋ, ਕਿਹੜੀ ਰਫ਼ਲ ਨੂੰ ਕੁੰਦਾ ਨਹੀਂ ?

ਤੇਰੀ ਪੋਲੀ ਗੋਗੜ ਉਂਝ ਤਾਂ, ਚਾਕੂ ਸਦਾ ਹੀ ਲੋਚੇ ਹੈ,
ਜਿਸਨੇ ਢਾਲਾਂ ਸੰਗ ਟਕਰਾਉਣਾ, ਨਸ਼ਤਰ ਐਨਾ ਖੁੰਡਾ ਨਹੀਂ |

ਪੱਲਾ  ਝਾੜਕੇ ਪਾਸੇ ਹੋਣਾ, ਤੁਸਾਂ ਦੀ ਇਹ ਮਜਬੂਰੀ ਹੈ,
ਸਾਡੇ ਹੱਥ ਤਾਂ ਸਦਾ ਸਲਾਮਤ, ਕੋਈ ਵੀ ਸਾਥੀ ਟੁੰਡਾ ਨਹੀਂ |

---ਇਕਬਾਲ---
15-08-2011

Wednesday, 10 August 2011

ਹੁਣ ਹੋਰ ਮਸ਼ਹੂਰੀ ਨਹੀ- -ਇਕਬਾਲ ਪਾਠਕ



ਇਕਬਾਲ ਪਾਠਕ
 
ਗੌਰ ਨਾਲ ਸੁਣੋ
ਕਿ ਹੁਣ ਅਸੀਂ ਸਿਧੇ ਸਾਦੇ ਪੇਂਡੂ ਨਹੀਂ ਰਹੇ
ਸਾਨੂੰ ਪਤਾ ਲੱਗ ਗਿਆ ਹੈ
ਕਿ ਦਾਤਣ ਤੋੜਨ ਨਾਲ
ਕੁਦਰਤ ਨਾਲ ਛੇੜ-ਛਾੜ ਨਹੀਂ ਹੁੰਦੀ
ਕਿ ਕੋਲੇ ਨਾਲ ਦੰਦ ਮਾਂਜਣੇ
ਬੁਰੇ ਨਹੀਂ ਹੁੰਦੇ
ਕਿ ਦੰਦਾਂ ਲਈ ਜਰੂਰੀ ਨਹੀਂ ਹੁੰਦਾ ਹੈ
ਥੋਡਾ ਠਿਆਨੀ ਕਿੱਲੋ ਲੂਣ ਆਲਾ
ਝੱਗ ਵਾਲਾ ਕਰੇੜਾ ਲਾਹੂ ਸਾਬਣ
ਜੋ ਖਾਰ ਦਿੰਦਾ ਹੈ
ਦੰਦਾਂ ਦੇ ਖੁਰਨ ਤੋਂ ਪਹਿਲਾਂ
ਸਾਡੇ ਖੀਸੇ ਦੀਆਂ ਸਿਉਣਾ |

ਸਾਨੂੰ ਪਤਾ ਲੱਗ ਗਿਆ ਹੈ
ਕਿ ਸੁਆਹ 'ਚ ਭਿਉਂ ਕੇ ਵੀ
ਨਿਖਰ ਸਕਦੇ ਨੇ ਟੈਰਾਲੀਨ ਦੇ ਝੁੱਗੇ
ਕੋਈ ਜਰੂਰੀ ਨਹੀਂ ਹੁੰਦਾ
ਤੁਹਾਡਾ ਮਹਿੰਗਾ ਮਸ਼ਹੂਰੀ ਮਾਰਕਾ
ਕੰਧਾਂ ਤੇ ਫੇਰਨ ਵਾਲੀ ਕਲੀ ਵਾਲਾ ਸੂੜਾ |

ਅਸੀਂ ਜਾਣ ਗਏ ਹਾਂ
ਕਿ ਤੁਹਾਡੀ ਨੰਗੀਆਂ ਤੀਵੀਆਂ ਦੇ ਪਤਰੇ ਵਾਲੀ
ਖਰਸ ਪਾਊ ਟਿੱਕੀ ਨਾਲੋਂ
ਬੇਹੀ ਲੱਸੀ ਚ ਤੇਲ ਪਾ
ਲਹਿ ਸਕਦੀ ਹੈ
ਸਾਡੇ ਖੁਰੜਿਆਂ ਦੀ ਮੈਲ ਚੰਗੀ ਤਰਾਂ |

ਤੁਸੀਂ ਆਪਣੀਆਂ ਬੂਥੀਆਂ ਨੂੰ ਹੀ
ਕਰੀ ਜਾਓ ਪਾਲਸ਼
ਖੜੀਅਲ ਮਿੱਟੀ ਨਾਲ
ਤੇ ਬੁੱਲਾਂ ਤੇ ਲਾਈ ਜਾਓ
ਸੜ ਚੁੱਕੀਆਂ ਮੱਛੀਆਂ ਦੀ ਚਮੜੀ
ਸਾਡਾ ਸਾਡੀ ਚਾਟੀ ਦੀ ਮਲਾਈ ਤੇ
ਸਰੋਂ ਦੀ ਘਾਣੀ ਨਾਲ ਸਰਦੈ |

ਬੱਸ ਬੱਸ
ਹੁਣ ਹੋਰ ਮਸ਼ਹੂਰੀ ਨਹੀ |

--ਇਕਬਾਲ--