Tuesday, 10 January 2012

ਬਗਾਵਤ ਦੀ ਬੂਅ....

ਬਗਾਵਤ ਦੀ ਬੂਅ....

ਮੈ ਕੁਝ ਖੁਸ਼ੀਆਂ ਹੰਢਾਈਆਂ ਜੋ ਮੈਨੂੰ ਰਾਸ ਨਾ ਆਈਆਂ
ਸਭੇ ਵਿਸਰ ਗਈਆਂ ਇਵੇਂ
ਜਿਵੇਂ ਮਹਬੂਬ ਦੇ ਧੁੰਦ ਵਰਗੇ ਵਾਅਦੇ
ਵਿਸਰ ਜਾਂਦੇ ਨੇ ਅਕਸਰ ...!

ਗਮ ਹੀ ਮੇਰੇ ਹਮਸਾਏ ਤੇ ਦੁਖ ਹੀ
ਮੇਰੇ ਹਮਸਫਰ ਰਹੇ ਨੇ ਅਜ਼ਲਾਂ ਤੋਂ ....
ਹੁਣ ਤਾ ਆਪਣੇ ਪਰਛਾਵੇਂ ਤੋਂ ਵੀ ਭੈ ਜਿਹਾ ਆਉਂਦਾ ਏ
ਕੰਬ ਜਾਂਦੀ ਹਾਂ ਮੈ ਧੁਰ ਤਾਈਂ
ਜਦੋਂ ਕੋਈ ਖੁਸ਼ੀ ਮੇਰੇ ਵਿਹੜੇ ਦੀ ਸਰਦਲ ਆਣ ਖਲੋਂਦੀ ਏ ਚੁਪਕੇ ਜਿਹੇ ...!
ਕਿਉਂ ਕੇ ਕੁਝ ਪਾਲ ਦੀ ਖੁਸ਼ੀ ਲੈ ਕੇ ਆਉਂਦੀ ਏ ਆਪਣੇ ਪਿਛੇ ਹਨੇਰੀਆਂ
ਤੇ ਝਖੜ ਦਾ ਮੌਸਮ ...
ਤੇ ਗਮਾਂ ਦੇ ਇਸ ਤੇਜ਼ ਝਖੜ 'ਚ ਬੈਠੀ
ਮੈਂ ਆਪਣੀ ਹਰ ਖੁਸ਼ੀ ਦਾ ਗਲਾ ਘੁਟਦੀ ਰਹੀ

ਕਦੇ ਕਿਸੇ ਤਾਈਂ ਸ਼ਿਕਵਾ ਨਾ ਕੀਤਾ ਮੈਂ ....
ਤਸਲੀਮਾ ਵਾਂਗ ਕਦੇ ਸਮਾਜ ਦੇ ਠੇਕੇਦਾਰਾਂ ਦਾ
ਵਿਰੋਧ ਨਾ ਕੀਤਾ ....ਕੀਤੇ ਮੈਨੂੰ ਵੀ ਦੇਸ਼ ਨਿਕਾਲਾ ਨਾ ਮਿਲ ਜਾਏ ..!
ਫੂਲਨ ਵਾਂਗ ਬਦਲੇ ਦੀ ਭਾਵਨਾ ਦਿਲ ਚ ਨਹੀਂ ਰਖੀ
ਕੀਤੇ ਮੈਂ ਗਿਆਰਾਂ ਵਰੇ
ਜ਼ੁਲਮ ਦੀ ਚੱਕੀ 'ਚ ਨਾ ਪਿਸਦੀ ਰਹਾਂ...!!

ਮੈ ਤਾ ਕਿਰਣ ਬੇਦੀ ਬਣਨ ਦਾ ਹੀਆ ਵੀ ਨਾ ਕਰ ਸਕੀ
ਖਬਰੇ ਮੇਰੇ ਕੰਬਦੇ ਹਥ
ਇਨਸਾਫ਼ ਦਾ ਡੰਡਾ ਸੰਭਾਲ ਵੀ ਸਕਣਗੇ ਯਾ ਨਹੀਂ?

ਬਸ ਅਮ੍ਰਿਤਾ ਦੀਆਂ ਪੈੜਾਂ ਨੂੰ ਗੂੜ੍ਹਨ ਦਾ ਸੁਪਨਾ ਆਉਂਦਾ ਏ .....
ਪਰ ਓਹ ਵੀ ਕਲਮ ਦੇ ਢਿਡ ਅੰਦਰ ਉਦੋਂ ਦਮ ਤੋੜ ਜਾਂਦਾ ਏ
ਜਦੋਂ ਕੁਝ ਮੌਕਾ ਪ੍ਰਸ੍ਤ ਕਵੀ ਲੋਕ ਅੱਗੇ ਆ ਕੇ
ਵਿਕ ਜਾਂਦੇ ਨੇ ਨਿਕਮੀਆਂ ਕਵਿਤਾਵਾਂ ਲੈ ਕੇ.....!

ਅੱਜ ਹਰ ਕਵੀ ਨੂੰ ਮੇਰੇ ਤੋਂ ਨਫਰਤ ਜਿਹੀ ਹੁੰਦੀ ਜਾਂਦੀ ਏ ...
ਤੇ ਹਰ ਖੁਦਾ ਪ੍ਰਸ੍ਤ ਦੀ ਨਜ਼ਰ ਮੇਰੇ ਵਲ ਟੇਢੀ ਜਿਹੀ ਉਠਦੀ ਏ ...
ਕੀਤੇ ਮੇਰੀਆਂ ਨਜ਼ਮਾਂ 'ਚੋਂ ਬਗਾਵਤ ਦੀ ਬੂਅ ਤਾਂ ਨਹੀਂ ਆਉਣ ਲੱਗੀ.....?...ਪ੍ਰੀਤ