Wednesday, 2 November 2011

ਗਲ -ਵਕੜੀ

ਗਲ -ਵਕੜੀ ਮਨ ਦਿਆਂ ਭਾਵਾਂ ਦੀ ,
ਗਲਵਕੜੀ ਰੀਝਾਂ ਚਾਵਾਂ ਦੀ ,
ਗਲਵਕੜੀ ਸ਼ੁਭ ਇਛਾਵਾਂ ਦੀ .
ਗਲਵਕੜੀ ਚਲਦਿਆਂ ਸਾਹਵਾਂ ਦੀ .
ਗਲਵਕੜੀ ,ਧੜਕਨ ਧੜਕਨ ਦੀ ;
ਗਲਵਕੜੀ ਮਨ-ਤਨ ਮਨ-ਤਨ ਦੀ;
ਗਲਵਕੜੀ ਸ਼ਬਨਮ ਸ਼ਬਨਮ ਦੀ ;
ਗਲਵਕੜੀ ਦਮ ਦਮ ਦਮ ਦਮ ਦੀ .
ਤਨਹਾਈ-ਸ਼ੇਹਨਾਈ ਦੀ ,ਗਲਵਕੜੀ 
ਗਹਰਾਈ -ਗਹਰਾਈ ਦੀ ,ਗਲਵਕੜੀ 
ਲਹਰਾਈ -ਹਰਿਆਈ  ਦੀ ,ਗਲਵਕੜੀ 
ਪੁਰਵਾਈ -ਅਮਰਾਈ ਦੀ ,ਗਲਵਕੜੀ .
ਕੋਈ ਆਵੇ ਜ਼ੋਰੀਂ ਜ਼ਬਰੀ ਤੇ;
ਆ ਆਪਣਾ ਜੋਰ ਓਹ ਦਿਖਲਾਵੇ.
ਕੋਈ  ਰੁਸਤਮ-ਦਾਰਾ-ਹੈ  ਕਿੱਕਰ?
ਗਲਵਕੜੀ ਨੂੰ ਜੋ ਛੁੜਵਾਵੇ .

ਦੀਪ ਜੀਰਵੀ

Tuesday, 1 November 2011

ਕੰਨਿਆ ਭਰੂਣ-ਹੱਤਿਆ ਦੀ ਕਾਂਗਾ-ਰੌਲੀ('ਪ੍ਰੀਤ' ਗੁਰਪ੍ਰੀਤ ਕੌਰ )

ਕਵਿਤਾ
              ਕੰਨਿਆ ਭਰੂਣ-ਹੱਤਿਆ ਦੀ ਕਾਂਗਾ-ਰੌਲੀ
  
ਹੋ ਰਿਹਾ ਏ ਖੂਬ ਹੱਲਾ
ਕੰਨਿਆ ਭਰੂਣ-ਹੱਤਿਆ ਦੇ ਖਿਲਾਫ
ਮੱਚੀ ਪਈ ਏ ਦੁਹਾਈ ਜਿਵੇਂ ਚਾਰੇ ਪਾਸੇ
ਗੋਸ਼ਟੀਆਂ ਅਤੇ ਸੈਮੀਨਾਰਾਂ ਵਿੱਚ---।

ਚਿੱਲ-ਪੌਂ ਮੱਚੀ ਏ ਮੰਚਾਂ 'ਤੇ
ਲÑੱਗ ਰਹੀਆਂ ਨੇ ਪ੍ਰਦਰਸ਼ਨੀਆਂ
ਨਿੱਕਲ ਰਹੀਆਂ ਨੇ ਰੈਲੀਆਂ
ਕਿ ਕੁੜੀਆਂ ਬਚਾਉ।
ਬੇਟੀਆਂ ਬਚਾਉ£

ਪਰੰਤੂ---
ਧੀਆਂ ਦੇ ਲੇਖ ਹਰ-ਰੋਜ਼
ਫੁੱਟਦੇ ਦੇਖਦੇ ਹਾਂ ਅਸੀਂ
ਅਖਬਾਰਾਂ ਦੀਆਂ ਸੁਰਖੀਆਂ ਵਿੱਚ---।

ਕੀ ਤਿੰਨ ਸਾਲਾਂ ਦੀ ਅਬੋਧ ਬੱਚੀ
ਤੇ ਸੱਤਰ ਵਰਿ•ਆਂ ਦੀ ਬੁੱਢੀ ਔਰਤ ਨਾਲ
ਗੇਂਗ-ਰੇਪ ਜਿਹੀਆਂ ਕਰਤੂਤਾਂ
ਸਾਡੇ ਸਮਾਜ ਦੇ ਪੁਰਸ਼ਾਰਥ ਨੂੰ ਨੰਗਾ ਨਹੀਂ ਕਰ ਰਹੀਆਂ?

ਭਰੂਣ-ਹੱਤਿਆ 'ਤੇ ਕਾਂਗਾ-ਰੌਲੀ ਪਾਉਣ ਵਾਲੇ 'ਅਸੀਂ'
ਕਿੱਥੇ ਚਲੇ ਜਾਂਦੇ ਹਾਂ ਉਦੋਂ---?
ਕਿਉਂ ਨਹੀਂ ਬਣਦੇ ਠੋਸ ਤੇ ਸਖਤ ਕਾਨੂੰਨ
ਮਹਿਲਾ-ਸਸ਼ਤੀਕਰਣ ਦਾ ਭਰਮ ਪਾਲਣ ਵਾਲੀਆਂ
ਔਰਤਾਂ ਦੇ ਦੇਸ਼ ਵਿੱਚ---?

ਕੀ ਮੰਚਾਂ ਤੋਂ ਦੋ ਸ਼ਬਦ ਕੰਨਿਆ ਭਰੂਣ-ਹੱਤਿਆ ਦੇ
ਖਿਲਾਫ਼ ਬੋਲ ਲੈਣਾ ਹੀ ਸਾਡੀ
ਕਰਤੱਵ-ਪੂਰਤੀ ਹੋ ਕੇ ਰਹਿ ਗਿਆ ਏ---?
ਕੀ ਬਲਾਤਕਾਰ ਦਾ ਸ਼ਿਕਾਰ ਹੋਈਆਂ
ਬੱਚੀਆਂ ਦੀ ਮ੍ਰਿਤ ਦੇਹ
ਚੀਖ-ਚੀਖ ਕੇ ਨਹੀਂ ਕਹਿ ਰਹੀ
ਕਿ ਕਾਸ਼…..।
ਕਾਸ਼..£ ਮੈਂ ਆਪਣੀ ਮਾਂ ਦੀ ਕੁੱਖ ਅੰਦਰ ਹੀ
ਕੰਨਿਆ ਭਰੂਣ ਹੱਤਿਆ ਦਾ
ਸ਼ਿਕਾਰ ਹੋ ਗਈ ਹੁੰਦੀ..।
ਕਾਸ਼..£
'ਪ੍ਰੀਤ' ਗੁਰਪ੍ਰੀਤ ਕੌਰ